ਜਲੰਧਰ, 21 ਸਿਤੰਬਰ ( ਸ਼ੰਕਰ ਰਾਜਾ) – ਇਕ ਦੁਖਦ ਖ਼ਬਰ ਹੈ ਕਿ ਬੇਬਾਕ ਪੱਤਰਕਾਰੀ ਅਤੇ ਕਮਿਊਨਿਸਟ ਪਾਰਟੀ ਦੇ ਉੱਘੇ ਚਿਹਰੇ, ਰੋਜ਼ਾਨਾ ‘ਨਵਾਂ ਜ਼ਮਾਨਾ’ ਦੇ ਸੰਪਾਦਕ ਅਤੇ ਸੀ.ਪੀ.ਆਈ. ਦੇ ਸੀਨੀਅਰ ਆਗੂ ਕਾਮਰੇਡ ਚੰਦ ਫਤਹਿਪੁਰੀ ਇਸ ਫ਼ਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਨੇ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿਖੇ ਇਲਾਜ ਦੌਰਾਨ ਆਖ਼ਰੀ ਸਾਹ ਲਏ।
‘ਨਵਾਂ ਜ਼ਮਾਨਾ’ ਅਖ਼ਬਾਰ ਦੇ ਸੰਪਾਦਕ ਵਜੋਂ ਉਨ੍ਹਾਂ ਨੇ ਹਮੇਸ਼ਾ ਆਮ ਲੋਕਾਂ ਦੀ ਆਵਾਜ਼ ਨੂੰ ਪ੍ਰਮੁੱਖਤਾ ਨਾਲ ਬੁਲੰਦ ਕੀਤਾ। ਉਨ੍ਹਾਂ ਦੀਆਂ ਸੰਪਾਦਕੀਆਂ ਅਤੇ ਵਿਸ਼ਲੇਸ਼ਣਾਤਮਕ ਲੇਖਾਂ ਵਿੱਚ ਹਮੇਸ਼ਾਂ ਕਿਰਤੀਆਂ, ਮਜ਼ਦੂਰਾਂ, ਕਿਸਾਨਾਂ ਦੇ ਮੁੱਦੇ ਹੀ ਕੇਂਦਰ ਬਿੰਦੂ ਹੁੰਦੇ ਸਨ। ਨਿਰਪੱਖ ਪੱਤਰਕਾਰੀ ਦੇ ਉੱਚ ਮਿਆਰਾਂ ਨੂੰ ਕਾਇਮ ਰੱਖਦਿਆਂ ਉਨ੍ਹਾਂ ਨੇ ਸਮੇਂ-ਸਮੇਂ ਦੀਆਂ ਸਰਕਾਰਾਂ ਦੀਆਂ ਜਨ-ਵਿਰੋਧੀ ਨੀਤੀਆਂ ਵਿਰੁੱਧ ਵੀ ਨਿਡਰਤਾ ਨਾਲ ਆਵਾਜ਼ ਉਠਾਈ।
ਉਨ੍ਹਾਂ ਦੇ ਅਕਾਲ ਚਲਾਣੇ ਦੀ ਖ਼ਬਰ ਫੈਲਦਿਆਂ ਹੀ ਸਮੁੱਚੇ ਪੱਤਰਕਾਰੀ ਜਗਤ ਵਿੱਚ ਡੂੰਘੇ ਸੋਗ ਦੀ ਲਹਿਰ ਦੌੜ ਗਈ।

