featured

ਦੇਸ਼ ਭਗਤ ਯਾਦਗਾਰ ਹਾਲ ਵਿਖੇ ਤਿੰਨ ਰੋਜ਼ਾ ਮੇਲਾ ਗ਼ਦਰੀ ਬਾਬਿਆਂ ਦਾ

ਜਲੰਧਰ, 30 ਅਕਤੂਬਰ (ਸ਼ੰਕਰ ਰਾਜਾ)- ਦੇਸ਼ ਭਗਤ ਯਾਦਗਾਰ ਹਾਲ ਵਿਖੇ  ਤਿੰਨ ਰੋਜ਼ਾ ” ਮੇਲਾ ਗ਼ਦਰੀ ਬਾਬਿਆਂ ਦਾ” ਦੀ ਸ਼ੁਰੂਆਤ ਅੱਜ ਦੁਪਹਿਰ 2 ਵਜੇ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ ਜਾਵੇਗੀ। ਇਸ ਦੌਰਾਨ ਚਿੱਤਰਕਲਾ ਤੇ ਫੋਟੋ ਕਲਾ ਹਾਲ ’ਚ ਸਜੇ ਪੰਡਾਲ, ਝੰਡੇ ਦੇ ਗੀਤ, ਚਿੱਤਰਕਲਾ, ਫੋਟੋ ਕਲਾ ਤੇ ਪੁਸਤਕ ਪ੍ਰਦਰਸ਼ਨੀ ਸਮੇਤ ਵੱਖ-ਵੱਖ ਕਲਾ ਕਿਰਤਾਂ ਰਾਹੀਂ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਕਰਨ ਵਾਲੇ ਗ਼ਦਰੀ ਬਾਬਿਆਂ, ਬੱਬਰ ਅਕਾਲੀਆਂ, ਕਾਕੋਰੀ ਕਾਂਡ ਦੇ ਇਨਕਲਾਬੀਆਂ ਤੇ ਨੌਜਵਾਨ ਭਾਰਤ ਸਭਾ ਦੇ ਇਤਿਹਾਸ ਦੀਆਂ ਪ੍ਰਭਾਵਸ਼ਾਲੀ ਝਲਕਾਂ ਪੇਸ਼ ਕੀਤੀਆਂ ਜਾਣਗੀਆਂ।ਪ੍ਰਦਰਸ਼ਨੀਆਂ, ਪੁਸਤਕ ਪ੍ਰਦਰਸ਼ਨੀ ਤੇ ਪੈਨਲ ਵਿਚਾਰ-ਚਰਚਾ ਸਮੇਤ ਵੱਖ-ਵੱਖ ਸਰਗਰਮੀਆਂ ਕਰਵਾਈਆਂ ਜਾਣਗੀਆਂ।

ਕੱਲ 31 ਅਕਤੂਬਰ ਨੂੰ ਕੁਇਜ਼ ਤੇ ਪੇਂਟਿੰਗ ਮੁਕਾਬਲੇ ਕਰਵਾਏ ਜਾਣਗੇ। ਦੁਪਹਿਰ ਸਮੇਂ ਤਰਕਸ਼ੀਲ ਤੇ ਵਿਗਿਆਨਕ ਚੇਤਨਾ ਦਾ ਸੁਨੇਹਾ ਦਿੰਦੀਆਂ ਕਲਾ ਕਿਰਤਾਂ ਪੇਸ਼ ਕੀਤੀਆਂ ਜਾਣਗੀਆਂ। ਇਸ ਮੌਕੇ ਨਾਮਵਰ ਵਿਦਵਾਨ ਪ੍ਰਜੌਏ ਗੁਹਾ ਠਾਕੁਰਤਾ ਦੇਸ਼ ਦੇ ਅਹਿਮ ਤੇ ਚਰਚਿਤ ਮੁੱਦਿਆਂ ਬਾਰੇ ਆਪਣੇ ਵਿਚਾਰ ਸਾਂਝੇ ਕਰਨਗੇ। ਸ਼ਾਮ 4 ਵਜੇ ਪੁਸਤਕ ਲੋਕ ਅਰਪਣ ਸਮਾਗਮ ਕਰਵਾਇਆ ਜਾਵੇਗਾ, ਜਦਕਿ ਸ਼ਾਮ 7 ਵਜੇ ਕਵੀ ਦਰਬਾਰ ਹੋਵੇਗਾ। ਇਸੇ ਦਿਨ ‘ਪੀਪਲਜ਼ ਵਾਇਸ’ ਵੱਲੋਂ ਨਿਰਦੇਸ਼ਕ ਨਕੁਲ ਸਾਹਨੀ ਦੀ ਦਸਤਾਵੇਜ਼ੀ ਫ਼ਿਲਮ ‘ਚੜ੍ਹਦੀ ਕਲਾ’ ਦਿਖਾਈ ਜਾਵੇਗੀ, ਜੋ ਦਿੱਲੀ ਕਿਸਾਨ ਮੋਰਚੇ ਨਾਲ ਸਬੰਧਤ ਹੈ।