ਪੰਜਾਬ ਵਿੱਚ ਬਿਜਲੀ ਸੰਕਟ ਗੰਭੀਰ ਹੋ ਗਿਆ ਹੈ ਅਤੇ ਉਦਯੋਗਿਕ ਤੇ ਘਰੇਲੂ ਖੇਤਰਾਂ ਵਿੱਚ ਲੰਬੇ ਪਾਵਰ ਕੱਟ ਲੱਗ ਰਹੇ ਹਨ। ਇਸ ਦੇ ਮੱਦੇਨਜ਼ਰ ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਅੱਜ ਕਿਹਾ ਕਿ ਇਹ ਸਮੱਸਿਆ ਇਕ ਦੋ ਦਿਨ ਵਿਚ ਹੱਲ ਕਰ ਲਈ ਜਾਵੇਗੀ। ਪੰਜਾਬ ਸਰਕਾਰ ਨੇ ਕੇਂਦਰ ਨਾਲ ਰਾਬਤਾ ਬਣਾਇਆ ਹੋਇਆ ਹੈ। ਉਨ੍ਹਾਂ ਕੇਂਦਰ ਸਰਕਾਰ ’ਤੇ ਨਿਸ਼ਾਨੇ ਸੇਧਦਿਆਂ ਕਿਹਾ ਕਿ ਕੇਂਦਰੀ ਪੂਲ ਵਿਚੋਂ ਪੂਰੀ ਬਿਜਲੀ ਨਾ ਮਿਲਣ ਕਾਰਨ ਸਮੱਸਿਆ ਆ ਰਹੀ ਹੈ। ਉਨ੍ਹਾਂ ਖੁਲਾਸਾ ਕੀਤਾ ਹੈ ਕਿ ਪੰਜਾਬ ਨੂੰ ਇਸ ਸਮੇਂ ਕੇਂਦਰੀ ਪਾਵਰ ਪੂਲ ਤੋਂ ਉਸ ਦੇ ਬਣਦੇ ਹਿੱਸੇ ਨਾਲੋਂ 1,051 ਮੈਗਾਵਾਟ ਘੱਟ ਬਿਜਲੀ ਮਿਲ ਰਹੀ ਹੈ।

