ਜਲੰਧਰ 16 ਸਿਤੰਬਰ ( ਸ਼ੰਕਰ ਰਾਜਾ)- ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ ਵੱਲੋਂ ‘ਸਮਾਜਿਕ ਤੇ ਆਰਥਿਕ ਸਮਾਨਤਾ ਤੋਂ ਬਿਨਾਂ ਰਾਜਨੀਤਿਕ ਸਮਾਨਤਾ ਅਰਥਹੀਣ’ ਵਿਸ਼ੇ ’ਤੇ ਸੈਮੀਨਾਰ, ਐਤਵਾਰ 20 ਸਤੰਬਰ ਨੂੰ ਦੁਪਹਿਰ 3 ਵਜੇ ਇਤਿਹਾਸਿਕ ਅੰਬੇਡਕਰ ਭਵਨ, ਡਾ. ਅੰਬੇਡਕਰ ਮਾਰਗ, ਜਲੰਧਰ ਵਿਖੇ ਕਰਵਾਇਆ ਜਾ ਰਿਹਾ ਹੈ। ਸੈਮੀਨਾਰ ’ਚ ਗੌਰਮਿੰਟ ਕਾਲਜ ਕਪੂਰਥਲਾ ਦੇ ਸਾਬਕਾ ਪ੍ਰਿੰਸੀਪਲ ਪ੍ਰੋ. ਤੀਰਥ ਬਸਰਾ ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਨਗੇ। ਇਸ ਤੋਂ ਇਲਾਵਾ ਹੋਰ ਵਿਦਵਾਨ ਵੀ ਵਿਸ਼ੇ ਨਾਲ ਸਬੰਧਤ ਆਪਣੇ ਵਿਚਾਰ ਪੇਸ਼ ਕਰਨਗੇ। ਇਹ ਫੈਸਲਾ ਅੰਬੇਡਕਰ ਮਿਸ਼ਨ ਸੁਸਾਇਟੀ ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਲਿਆ ਗਿਆ। ਇਸ ਵਾਰ ਵੀ 14 ਅਕਤੂਬਰ 2026 ਨੂੰ ਧੰਮ ਚੱਕਰ ਪ੍ਰਵਰਤਨ ਦਿਵਸ ਅੰਬੇਡਕਰ ਭਵਨ ਵਿਖੇ ਵਿਸ਼ਾਲ ਪੱਧਰ ’ਤੇ ਮਨਾਉਣ ਦਾ ਫੈਸਲਾ ਵੀ ਸਰਬਸੰਮਤੀ ਨਾਲ ਕੀਤਾ ਗਿਆ। ਇਸ ਮੌਕੇ ਲੁਧਿਆਣਾ ਵਿਖੇ ਸ਼ਰਾਰਤੀ ਅਨਸਰਾਂ ਵੱਲੋਂ ਬਾਬਾ ਸਾਹਿਬ ਡਾ. ਬੀਆਰ ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕੀਤੇ ਜਾਣ ਦੀ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਗਈ। ਇਹ ਜਾਣਕਾਰੀ ਸੁਸਾਇਟੀ ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਪ੍ਰੈੱਸ ਬਿਆਨ ਰਾਹੀਂ ਦਿੱਤੀ।

