Posted by_ Shanker Raja
ਪੰਜਾਬ ’ਚ ਝੋਨੇ ਦੀ ਸਰਕਾਰੀ ਖ਼ਰੀਦ ਅੱਜ ਪਹਿਲੀ ਅਕਤੂਬਰ ਤੋਂ ਸ਼ੁਰੂ ਹੋ ਰਹੀ ਹੈ; ਹਾਲਾਂਕਿ ਪੁਰਾਣੇ ਅਨਾਜ ਨਾਲ ਸੂਬੇ ਦੇ ਗੁਦਾਮ ਪੂਰੀ ਤਰ੍ਹਾਂ ਭਰੇ ਹੋਏ ਹਨ।ਰਾਜ ਸਰਕਾਰ ਨੇ ਇਸ ਵਾਰ 180 ਲੱਖ ਮੀਟਰਿਕ ਟਨ ਜੀਰੀ ਦੀ ਖ਼ਰੀਦ ਦਾ ਟੀਚਾ ਮਿਥਿਆ ਹੈ ਜਦੋਂ ਕਿ ਪਿਛਲੇ ਸਾਲ ਹੜ੍ਹਾਂ ਦੀ ਮਾਰ ਪੈਣ ਕਾਰਨ 156 ਲੱਖ ਮੀਟਰਿਕ ਟਨ ਜੀਰੀ ਖ਼ਰੀਦੀ ਗਈ ਸੀ। ਝੋਨੇ ਦੇ ਸੀਜ਼ਨ ਦੌਰਾਨ ਇਸ ਵਾਰ ਬਿਜਲੀ ਸਪਲਾਈ ਦੀ ਕਿੱਲਤ ਬਣੀ ਰਹੀ ਜਿਸ ਕਰ ਕੇ ਕਿਸਾਨਾਂ ਨੂੰ ਫ਼ਸਲ ਪਾਲਣ ’ਚ ਔਖ ਵੀ ਝੱਲਣੀ ਪਈ।ਮੀਂਹ ਘੱਟ ਪੈਣ ਕਾਰਨ ਵੀ ਕਿਸਾਨਾਂ ਦੇ ਫ਼ਸਲੀ ਲਾਗਤ ਖ਼ਰਚਿਆਂ ’ਚ ਵਾਧਾ ਹੋਇਆ ਹੈ।
ਕੇਂਦਰ ਸਰਕਾਰ ਵੱਲੋਂ ਝੋਨੇ ਦੀ ਖ਼ਰੀਦ ਲਈ 42786.68 ਕਰੋੜ ਦੀ ਹੱਦ ਕਰਜ਼ਾ ਲਿਮਟ ਵੀ ਜਾਰੀ ਕਰ ਦਿੱਤੀ ਗਈ ਹੈ। ਬਾਰਦਾਨੇ ਦੀਆਂ ਕਰੀਬ ਪੰਜ ਲੱਖ ਗੱਠਾਂ ਦਾ ਪ੍ਰਬੰਧ ਵੀ ਕੀਤਾ ਜਾ ਚੁੱਕਿਆ ਹੈ। ਦੂਜੇ ਪਾਸੇ ਸ਼ੈਲਰ ਮਾਲਕਾਂ ਨੇ ਫ਼ਿਲਹਾਲ ਝੋਨੇ ਦੀ ਸਰਕਾਰੀ ਖ਼ਰੀਦ ਦੇ ਵਿਰੋਧ ਬਾਰੇ ਕੋਈ ਸੰਕੇਤ ਨਹੀਂ ਦਿੱਤੇ ਹਨ|
ਮੌਜੂਦਾ ਸਰਕਾਰ ਇਸ ਖ਼ਰੀਦ ਸੀਜ਼ਨ ਦੌਰਾਨ ਕਿਸਾਨਾਂ ਦੀ ਨਾਰਾਜ਼ਗੀ ਦਾ ਖ਼ਤਰਾ ਮੁੱਲ ਨਹੀਂ ਲੈ ਸਕਦੀ। ਕਿਓਂਕਿ ਇਹ ਮੌਜੂਦਾ ਸਰਕਾਰ ਦੇ ਕਾਰਜਕਾਲ ਦਾ ਫ਼ਸਲੀ ਖ਼ਰੀਦ ਦਾ ਇਹ ਆਖ਼ਰੀ ਸੀਜ਼ਨ ਹੈ ਜਿਸ ਦੇ ਪ੍ਰਬੰਧਾਂ ਉੱਤੇ ਵਿਰੋਧੀ ਪਾਰਟੀਆਂ ਦੀ ਵੀ ਤਿੱਖੀ ਨਜ਼ਰ ਰਹੇਗੀ। ਸੂਬੇ ’ਚ 1886 ਖ਼ਰੀਦ ਕੇਂਦਰ ਬਣਾਏ ਗਏ ਹਨ ਅਤੇ ਪੰਜਾਬ ਮੰਡੀ ਬੋਰਡ ਨੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ।

