featured

ਭਾਰਤ ਅਤੇ ਚੀਨ ’ਤੇ 100% ਟੈਰਿਫ ਲਗਾਉਣ ਵਾਲਾ ਬਿੱਲ ਅਮਰੀਕੀ ਸਦਨ ’ਚ ਪੇਸ਼, ਪਿਛਲੇ ਮਹੀਨੇ ਇਹ ਬਿੱਲ ਸੈਨੇਟ ਵਿਚ ਭਾਰੀ ਬਹੁਮਤ ਨਾਲ ਪਾਸ ਹੋਇਆ ਸੀ

Posted by: Shanker Raja

ਅਮਰੀਕੀ ਸੰਸਦ ਦੀ ਹੇਠਲੇ ਸਦਨ ਦੀ ਪ੍ਰਤੀਨਿਧੀ ਸਭਾ ’ਚ ਇਕ ਅਜਿਹੇ ਬਿੱਲ ਨੂੰ ਅੱਗੇ ਵਧਾਇਆ ਗਿਆ ਹੈ, ਜਿਸ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਰੂਸ ਤੋਂ ਤੇਲ-ਗੈਸ ਖ਼ਰੀਦਣ ’ਤੇ ਭਾਰਤ ਤੇ ਚੀਨ ਵਰਗੇ ਦੇਸ਼ਾਂ ’ਤੇ 100 ਫ਼ੀਸਦੀ ਟੈਰਿਫ ਲਗਾਉਣ ਅਤੇ ਈਰਾਨ ’ਤੇ ਮੌਜੂਦਾ ਪਾਬੰਦੀਆਂ ਨੂੰ ਵਧਾਉਣ ਦਾ ਅਧਿਕਾਰ ਦੇਣ ਦੀ ਗੱਲ ਹੈ। ਪ੍ਰਤੀਨਿਧੀ ਸਭਾ ’ਚ ਰੂਸ ’ਤੇ ਪਾਬੰਦੀ ਨਾਲ ਜੁੜੇ ਇਸ ਬਿੱਲ ’ਤੇ ਬਹੁਤ ਜਲਦ ਆਖਰੀ ਵੋਟਿੰਗ ਹੋਣ ਦੀ ਸੰਭਾਵਨਾ ਹੈ।

ਦੋ ਡੈਮੋਕ੍ਰੇਟ ਸੰਸਦ ਮੈਂਬਰਾਂ ਨੇ ਆਪਣੀ ਪਾਰਟੀ ਤੋਂ ਵੱਖਰਾ ਰੁਖ਼ ਅਪਣਾਉਂਦੇ ਹੋਏ ਰਿਪਬਲਿਕਨ ਸੰਸਦ ਮੈਂਬਰਾਂ ਨਾਲ ਬਿੱਲ ਦੇ ਪੱਖ ’ਚ ਵੋਟਿੰਗ ਕੀਤੀ। ਜਿਸ ਨਾਲ ਸਦਨ ’ਚ ਡੈਮੋਕ੍ਰੇਟਿਕ ਲੀਡਰਸ਼ਿਪ ਨੂੰ ਝਟਕਾ ਲੱਗਾ ਜਿਸ ਨੇ ਸੋਮਵਾਰ ਨੂੰ ਰੂਸ ’ਤੇ ਪਾਬੰਦੀ ਲਗਾਉਣ ਵਾਲੇ ਬਿੱਲ ਦਾ ਵਿਰੋਧ ਕੀਤਾ ਸੀ। ਉਨ੍ਹਾਂ ਤਰਕ ਦਿੱਤਾ ਕਿ ਇਸ ਨਾਲ ਟਰੰਪ ਨੂੰ ਬਿਨਾਂ ਕਿਸੇ ਰੋਕ ਦੇ ਟੈਰਿਫ ਲਗਾਉਣ ਦਾ ਮਨਮਰਜ਼ੀ ਦਾ ਅਧਿਕਾਰ ਮਿਲ ਜਾਵੇਗਾ।
ਅਮਰੀਕਾ ਦਾ ਮੰਨਣਾ ਹੈ ਕਿ ਰੂਸ ਦਾ ਕੱਚਾ ਤੇਲ ਵਪਾਰ ਯੂਕਰੇਨ ਖ਼ਿਲਾਫ਼ ਜੰਗ ਨੂੰ ਫੰਡਿੰਗ ਕਰ ਰਿਹਾ ਹੈ। ਰਾਸ਼ਟਰਪਤੀ ਦੇ ਦਸਤਖ਼ਤ ਲਈ ਭੇਜੇ ਜਾਣ ਤੋਂ ਪਹਿਲਾਂ ਬਿੱਲ ਨੂੰ ਪ੍ਰਤੀਨਿਧੀ ਸਭ ਤੋਂ ਪਾਸ ਹੋਣਾ ਜ਼ਰੂਰੀ ਹੈ।