ਜਲੰਧਰ, 22 ਮਈ (ਪ੍ਰੇਰਣਾ ਸ਼ਰਮਾ)-: ਡਾ. ਬੀ ਆਰ ਅੰਬੇਡਕਰ ਨੈਸ਼ਨਲ ਇੰਸਟੀਟਿਊਟ ਆ ਟੈਕਨੋਲੋਜੀ (ਐਨ. ਆਈ. ਟੀ) ਜਲੰਧਰ ਦੀ ਰੇਡੀਏਸ਼ਨ ਮਾਨੀਟਰਿੰਗ ਐਂਡ ਅਸੈਸਮੈਂਟ ਲੈਬ ਨੇ ਅੰਤਰਰਾਸ਼ਟਰੀ ਪੱਧਰ ‘ਤੇ ਵੱਡੀ ਉਪਲਬਧੀ ਹਾਸਲ ਕੀਤੀ ਹੈ। ਲੈਬ ਦੇ ਪੰਜ ਖੋਜ ਪੱਤਰਾਂ ਨੂੰ ਸੰਯੁਕਤ ਰਾਸ਼ਟਰ ਦੀ ਪ੍ਰਸਿੱਧ ਸੰਸਥਾ United Nations Scientific Committee on the Effects of Atomic Radiation ਦੀ “UNSCEAR 2024 Report” ਵਿੱਚ ਸਥਾਨ ਮਿਲਿਆ ਹੈ।
ਇਹ ਖੋਜ ਕਾਰਜ ਪ੍ਰੋਫੈਸਰ ਰੋਹਿਤ ਮਹਿਰਾ ਦੀ ਅਗਵਾਈ ਹੇਠ ਕੀਤਾ ਗਿਆ। ਲੈਬ ਵਿੱਚ ਰੇਡੀਏਸ਼ਨ ਮਾਨੀਟਰਿੰਗ, ਗੈਮਾ ਸਪੈਕਟ੍ਰੋਮੈਟਰੀ, ਹੈਵੀ ਮੈਟਲ ਜਾਂਚ ਅਤੇ ਵਾਤਾਵਰਣ ਸੁਰੱਖਿਆ ਨਾਲ ਸੰਬੰਧਿਤ ਅਧਿਐਨ ਕੀਤੇ ਜਾਂਦੇ ਹਨ।
ਖੋਜ ਟੀਮ ਨੇ ਪਾਣੀ ਵਿੱਚ ਯੂਰੇਨੀਅਮ ਅਤੇ ਹੋਰ ਧਾਤੂ ਪ੍ਰਦੂਸ਼ਣ ਨੂੰ ਘਟਾਉਣ ਲਈ ਘੱਟ ਖਰਚ ਵਾਲੀਆਂ ਅਤੇ ਪਰਿਆਵਰਣ-ਮਿੱਤਰ ਤਕਨੀਕਾਂ ਵੀ ਵਿਕਸਿਤ ਕੀਤੀਆਂ ਹਨ, ਜੋ ਪਿੰਡਾਂ ਅਤੇ ਸੀਮਿਤ ਸਰੋਤਾਂ ਵਾਲੇ ਖੇਤਰਾਂ ਲਈ ਲਾਭਕਾਰੀ ਸਾਬਤ ਹੋ ਸਕਦੀਆਂ ਹਨ
UNSCEAR ਦੁਨੀਆ ਭਰ ਵਿੱਚ ਰੇਡੀਏਸ਼ਨ ਦੇ ਮਨੁੱਖੀ ਸਿਹਤ ਅਤੇ ਵਾਤਾਵਰਣ ‘ਤੇ ਪ੍ਰਭਾਵਾਂ ਬਾਰੇ ਅਧਿਐਨ ਕਰਨ ਵਾਲੀ ਸੰਯੁਕਤ ਰਾਸ਼ਟਰ ਦੀ ਮਹੱਤਵਪੂਰਨ ਸੰਸਥਾ ਹੈ। ਇਸ ਰਿਪੋਰਟ ਵਿੱਚ NIT ਜਲੰਧਰ ਦੇ ਖੋਜ ਪੱਤਰਾਂ ਦਾ ਸ਼ਾਮਲ ਹੋਣਾ ਸੰਸਥਾ ਅਤੇ ਭਾਰਤੀ ਵਿਗਿਆਨਕ ਭਾਈਚਾਰੇ ਲਈ ਮਾਣ ਵਾਲੀ ਗੱਲ ਮੰਨੀ ਜਾ ਰਹੀ ਹੈ।
NIT ਜਲੰਧਰ ਦੇ ਡਾਇਰੈਕਟਰ ਪ੍ਰੋ. ਬਿਨੋਦ ਕੁਮਾਰ ਕਨੌਜੀਆ ਨੇ ਇਸ ਉਪਲਬਧੀ ਲਈ ਪ੍ਰੋ. ਰੋਹਿਤ ਮਹਿਰਾ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਸਫਲਤਾ ਸੰਸਥਾ ਦੀ ਉੱਚ ਪੱਧਰੀ ਖੋਜ ਨੂੰ ਦਰਸਾਉਂਦੀ ਹੈ।

