ਸਾਂਤਾ ਫੇ, ਨਿਊ ਮੈਕਸੀਕੋ: ਅਮਰੀਕਾ ਦੇ ਨਿਊ ਮੈਕਸੀਕੋ ਰਾਜ ਦੀ ਇੱਕ ਜਿਊਰੀ ਨੇ ਸੋਸ਼ਲ ਮੀਡੀਆ ਦਿੱਗਜ ਫੇਸਬੁੱਕ (ਮੇਟਾ) ਨੂੰ ਉਪਭੋਗਤਾਵਾਂ ਦੀ ਪ੍ਰਾਈਵੇਸੀ ਸੁਰੱਖਿਆ ਬਾਰੇ ਗੁਮਰਾਹ ਕਰਨ ਅਤੇ ਧੋਖਾ ਦੇਣ ਦੇ ਮਾਮਲੇ ਵਿੱਚ ਵੱਡਾ ਦੋਸ਼ੀ ਕਰਾਰ ਦਿੱਤਾ ਹੈ। ਇਹ ਮਾਮਲਾ ਬਹੁਤ ਚਰਚਿਤ ‘ਕੈਬਰਿਜ ਐਨਾਲਿਟਿਕਾ’ (Cambridge Analytica) ਡਾਟਾ ਘੁਟਾਲੇ ਨਾਲ ਜੁੜਿਆ ਹੋਇਆ ਹੈ।
ਸਾਂਤਾ ਫੇ ਵਿੱਚ ਚੱਲੇ ਇਸ ਦੋ ਹਫ਼ਤਿਆਂ ਦੇ ਮੁਕੱਦਮੇ ਦੌਰਾਨ ਮੁੱਖ ਤੌਰ ‘ਤੇ ਇਸ ਗੱਲ ‘ਤੇ ਧਿਆਨ ਕੇਂਦਰਿਤ ਕੀਤਾ ਗਿਆ ਕਿ ਕਿਵੇਂ ਫੇਸਬੁੱਕ ਨੇ ਇੱਕ ਤੀਜੀ ਧਿਰ ਦੀ ਪਰਸਨੈਲਿਟੀ ਕੁਇਜ਼ ਰਾਹੀਂ ਲਗਭਗ 8.7 ਕਰੋੜ ਯੂਜ਼ਰਜ਼ ਦਾ ਡਾਟਾ ਚੋਰੀ ਕਰਵਾਇਆ ਅਤੇ ਇਸਨੂੰ ਰਾਜਨੀਤਿਕ ਸਲਾਹਕਾਰ ਫਰਮ ‘ਕੈਬਰਿਜ ਐਨਾਲਿਟਿਕਾ’ ਨੂੰ ਵੇਚਿਆ।
ਜਿਊਰੀ ਨੇ ਸਰਕਾਰੀ ਵਕੀਲਾਂ ਦੀ ਇਸ ਦਲੀਲ ਨਾਲ ਸਹਿਮਤੀ ਪ੍ਰਗਟਾਈ ਕਿ ਫੇਸਬੁੱਕ ਦੀ ਡਾਟਾ ਸੁਰੱਖਿਆ ਵਿੱਚ ਅਸਫਲਤਾ ਕਾਰਨ ਨਿਊ ਮੈਕਸੀਕੋ ਦੀ 20 ਲੱਖ ਤੋਂ ਵੱਧ ਦੀ ਪੂਰੀ ਆਬਾਦੀ ਪ੍ਰਭਾਵਿਤ ਹੋਈ ਹੈ।
ਨਿਊ ਮੈਕਸੀਕੋ ਦੇ ਅਟਾਰਨੀ ਜਨਰਲ ਰਾਉਲ ਟੋਰੇਜ਼ (Raúl Torrez) ਨੇ ਇਸ ਫ਼ੈਸਲੇ ਨੂੰ ਇਤਿਹਾਸਕ ਕਰਾਰ ਦਿੰਦਿਆਂ ਕਿਹਾ ਕਿ ਵੱਡੀ ਤਕਨੀਕੀ ਕੰਪਨੀ (Big Tech) ਨੂੰ ਜਵਾਬਦੇਹ ਬਣਾਉਣ ਲਈ ਇਹ ਇੱਕ ਬਹੁਤ ਵੱਡੀ ਜਿੱਤ ਹੈ।
ਦੂਜੇ ਪਾਸੇ, ਮੇਟਾ (ਫੇਸਬੁੱਕ) ਦੇ ਬੁਲਾਰੇ ਨੇ ਜਿਊਰੀ ਦੇ ਇਸ ਫ਼ੈਸਲੇ ਨਾਲ ਅਸਹਿਮਤੀ ਪ੍ਰਗਟਾਈ ਹੈ ਅਤੇ ਕਿਹਾ ਹੈ ਕਿ ਕੰਪਨੀ ਆਪਣੇ ਰਿਕਾਰਡ ਨੂੰ ਬਚਾਉਣ ਲਈ ਕਾਨੂੰਨੀ ਲੜਾਈ ਜਾਰੀ ਰੱਖੇਗੀ। ਕੰਪਨੀ ਦਾ ਦਾਅਵਾ ਹੈ ਕਿ ਉਹ ਉਪਭੋਗਤਾਵਾਂ ਦੀ ਜਾਣਕਾਰੀ ਦੀ ਸੁਰੱਖਿਆ ਅਤੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਤਰਜੀਹ ਦਿੰਦੀ ਹੈ।

