Posted by_ Shanker Raja
ਗੂਗਲ ਨੇ ਜਾਣਕਾਰੀ ਦਿੱਤੀ ਹੈ ਕਿ ਬੱਚਿਆਂ ਦੇ ਯੌਨ ਸ਼ੋਸ਼ਣ ਨਾਲ ਜੁੜੇ ਕੰਟੈਂਟ ਦੀ ਸਿੱਧੀ ਜਾਣਕਾਰੀ ਭਾਰਤੀ ਅਧਿਕਾਰੀਆਂ ਨੂੰ ਦਿੱਤੀ ਜਾਵੇਗੀ। ਭਾਰਤ ਸਰਕਾਰ ਨੇ ਇਸ ਸਬੰਧੀ ਗੂਗਲ ਸਮੇਤ ਕਈ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਜਾਣਕਾਰੀ ਮੰਗੀ ਸੀ। ਇਹ ਫੈਸਲਾ ਭਾਰਤ ਸਰਕਾਰ ਵੱਲੋਂ ਗੂਗਲ ਅਤੇ ਮਾਇਕ੍ਰੋਸਾਫ਼੍ਟ ਵਰਗੀਆਂ ਵੱਡੀਆਂ ਟੈਕ ਕੰਪਨੀਆਂ ’ਤੇ ਦਬਾਅ ਬਣਾਏ ਜਾਣ ਤੋਂ ਬਾਅਦ ਆਇਆ ਹੈ।
ਇਸ ਤੋਂ ਪਹਿਲਾਂ ਗੂਗਲ ਵੱਲੋਂ ਪਹਿਲਾਂ ਅਜਿਹੀਆਂ ਰਿਪੋਰਟਾਂ ਅਮਰੀਕਾ ਦੀ ਇੱਕ ਗੈਰ-ਮੁਨਾਫ਼ਾ ਸੰਸਥਾ ਨੂੰ ਭੇਜੀਆਂ ਜਾਂਦੀਆਂ ਸਨ। ਇਸ ਪ੍ਰਕਿਰਿਆ ਵਿੱਚ ਕੀਮਤੀ ਸਮਾਂ ਬਰਬਾਦ ਹੁੰਦਾ ਸੀ। ਸਥਾਨਕ ਪੁਲਿਸ ਤੱਕ ਰਿਪੋਰਟ ਪਹੁੰਚਣ ਤੋਂ ਪਹਿਲਾਂ ਇਹ ਜਾਣਕਾਰੀ ਵਿਚਕਾਰਲੀ ਸੰਸਥਾ ਕੋਲ ਜਾਂਦੀ ਹੈ, ਜਦਕਿ ਜ਼ਮੀਨੀ ਪੱਧਰ ’ਤੇ ਤੁਰੰਤ ਕਾਰਵਾਈ ਪੁਲਿਸ ਹੀ ਕਰ ਸਕਦੀ ਹੈ।
ਭਾਰਤ ਸਰਕਾਰ ਨੇ ਹਾਲ ਹੀ ਦੇ ਹਫ਼ਤਿਆਂ ਵਿੱਚ ਟੈਕ ਕੰਪਨੀਆਂ ਨੂੰ ਕਿਹਾ ਸੀ ਕਿ ਭਾਰਤ ਨਾਲ ਸਬੰਧਤ ਬੱਚਿਆਂ ਦੇ ਸ਼ੋਸ਼ਣ ਵਾਲੇ ਕੰਟੈਂਟ ਦੀ ਰਿਪੋਰਟ ਸਿੱਧੀ ਭਾਰਤੀ ਅਧਿਕਾਰੀਆਂ ਨੂੰ ਕੀਤੀ ਜਾਵੇ। ਸਰਕਾਰ ਦਾ ਤਰਕ ਸੀ ਕਿ ਮੌਜੂਦਾ ਸਿਸਟਮ ਵਿੱਚ ਰਿਪੋਰਟ ਪਹੁੰਚਣ ਵਿੱਚ ਕਾਫ਼ੀ ਦੇਰੀ ਹੁੰਦੀ ਹੈ।
ਗੂਗਲ ਦੇ ਇੱਕ ਬੁਲਾਰੇ ਨੇ ਕਿਹਾ ਕਿ ਕੰਪਨੀ ਬੱਚਿਆਂ ਦੇ ਯੌਨ ਸ਼ੋਸ਼ਣ ਨਾਲ ਜੁੜੇ ਕੰਟੈਂਟ ਦੀ ਪਛਾਣ ਕਰਨ, ਉਸ ਨੂੰ ਰੋਕਣ, ਹਟਾਉਣ ਅਤੇ ਰਿਪੋਰਟ ਕਰਨ ਲਈ ਕਾਫ਼ੀ ਨਿਵੇਸ਼ ਕਰਦੀ ਹੈ।

