featured

ਅਮਰੀਕੀ ਟਰੰਪ ਸਰਕਾਰ ਦੇ ‘ਮਿਸਟਰ ਸਿੰਘ, ਤੁਹਾਨੂੰ ਨਹੀਂ ਪਤਾ ਡਰਾਈਵ ਕਿਵੇਂ ਕਰਨਾ ਹੈ’ ਦੇ ਪੋਸਟਰ ਨੇ ਖੜਾ ਕੀਤਾ ਵਿਵਾਦ

ਅੰਤਰਾਸ਼ਟਰੀ ਪੱਧਰ ਤੇ ਵਿਰੋ ਹੋਣ ਤੇ ਹਟਾਇਆ ਇਹ ਪੋਸਟਰ

ਅਮਰੀਕੀ ਸਰਕਾਰ ਦੇ ਹੋਮਲੈਂਡ ਸਿਕਿਉਰਿਟੀ ਡਿਪਾਰਟਮੈਂਟ ਵੱਲੋਂ ਇੱਕ ਪੋਸਟਰ ਜਾਰੀ ਕੀਤਾ ਗਿਆ ਹੈ, ਜਿਸ ਉੱਤੇ ਇਹ ਲਾਈਨਾਂ ਲਿਖੀਆਂ ਹਨ ਕਿ “ਅਮਰੀਕਾ ਫ਼ਾਰ ਅਮੈਰਿਕਨਜ਼, ਸਾਡੀਆਂ ਸੜਕਾਂ ਤੋਂ ਹੱਟ ਜਾਓ, ਮਿਸਟਰ ਸਿੰਘ, ਤੁਹਾਨੂੰ ਨਹੀਂ ਪਤਾ ਡਰਾਈਵ ਕਿਵੇਂ ਕਰਨਾ ਹੈ।”

ਡਿਪਾਰਟਮੈਂਟ ਆਫ਼ ਹੋਮਲੈਂਡ ਸਿਕਿਉਰਿਟੀ ਵੱਲੋਂ ਆਪਣੇ ਐਕਸ ਅਕਾਊਂਟ ਉੱਤੇ ਇਹ ਏਆਈ ਜਨਰੇਟਿਡ ਪੋਸਟਰ ਜਾਰੀ ਕੀਤਾ ਗਿਆ ਹੈ। ਇਹ ਪੋਸਟਰ ਡੀਐੱਚਐੱਸ ਦੇ ‘ਅਨਲਾਈਸੈਂਸਡ ਕਮਰਸ਼ਿਅਲ ਡਰਾਈਵਰਾਂ’ ਦੇ ਵਿਰੁੱਧ ਸ਼ੁਰੂ ਕੀਤੀ ਗਈ ਕੈਂਪੇਨ ਦਾ ਹਿੱਸਾ ਹੈ।

ਪੋਸਟ ਵਿੱਚ ਇਸ ਤਰ੍ਹਾਂ ‘ਮਿਸਟਰ ਸਿੰਘ’ ਲਿਖਣ ਨੂੰ ਲੈ ਕੇ ਵਿਵਾਦ ਹੋ ਗਿਆ ਹੈ।

ਇਸ ਪੋਸਟਰ ਵਿੱਚ ‘ਟ੍ਰਾਂਸਫਾਰਮਰਜ਼’ ਫ੍ਰੈਂਚਾਇਜ਼ੀ ਦੇ ਮੁੱਖ ਕਿਰਦਾਰ ਮੈਗਾਟਰੋਨ ਅਤੇ ਇੱਕ ਬ੍ਰਾਊਨ ਮੁੰਡੇ (ਜਿਸ ਨੂੰ ‘ਮਿਸਟਰ ਸਿੰਘ’ ਕਹਿ ਕੇ ਸੰਬੋਧਿਤ ਕੀਤਾ ਹੈ) ਨੂੰ ਆਹਮੋ-ਸਾਹਮਣੇ ਖੜ੍ਹਾ ਕੀਤਾ ਗਿਆ ਹੈ ਅਤੇ ਲਿਖਿਆ ਹੈ, ‘ਸੈਲਫ ਡਿਪੋਰਟ ਔਰ ਫਾਈਂਡ ਆਊਟ’, ਭਾਵ ‘ਖ਼ੁਦ ਡਿਪੋਰਟ ਹੋ ਜਾਵੋ ਜਾਂ ਤੁਹਾਨੂੰ ਲੱਭ ਲਿਆ ਜਾਵੇਗਾ’।

ਡਿਪਾਰਟਮੈਂਟ ਆਫ਼ ਹੋਮਲੈਂਡ ਸਿਕਿਉਰਿਟੀ ਅਨੁਸਾਰ ਟਰੰਪ ਸਰਕਾਰ ਦੇ ਇਮੀਗ੍ਰੇਸ਼ਨ ਕ੍ਰੈਕਡਾਊਨ (ਪਰਵਾਸੀਆਂ ਖ਼ਿਲਾਫ਼ ਸਖ਼ਤ ਕਾਰਵਾਈ) ਦੇ ਤਹਿਤ, ਹੁਣ ਤੱਕ 30 ਲੱਖ ਤੋਂ ਵੱਧ ਗੈਰ-ਕਾਨੂੰਨੀ ਪਰਵਾਸੀ (ਇਲਲੀਗਲ ਏਲੀਅਨਜ਼ – ਅਮਰੀਕੀ ਸਰਕਾਰ ਵੱਲੋਂ ਵਰਤੀ ਜਾਣ ਵਾਲੀ ਟਰਮ) ਅਮਰੀਕਾ ਦੇਸ਼ ਛੱਡ ਚੁੱਕੇ ਹਨ। ਇਨ੍ਹਾਂ ਵਿੱਚੋਂ ਕਰੀਬ 22 ਲੱਖ ਖ਼ੁਦ ਡਿਪੋਰਟ ਹੋਏ ਹਨ ਅਤੇ 9,85,000 ਲੋਕਾਂ ਨੂੰ ਡਿਪਾਰਟਮੈਂਟ ਆਫ਼ ਹੋਮਲੈਂਡ ਸਿਕਿਉਰਿਟੀ ਵੱਲੋਂ ਡਿਪੋਰਟ ਕੀਤਾ ਗਿਆ ਹੈ।